ਲੁਧਿਆਣਾ, 18 ਸਤੰਬਰ 2025 (ਨਿਊਜ਼ ਟੀਮ): ਫੋਰਟਿਸ ਹਸਪਤਾਲ ਲੁਧਿਆਣਾ ਨੇ ਇੱਕ ਨਵੀਂ ਜਿਗਰ ਟ੍ਰਾਂਸਪਲਾਂਟ ਓਪੀਡੀ (ਬਾਹਰਲੇ ਮਰੀਜ਼ਾਂ ਲਈ ਵਿਸ਼ੇਸ਼ ਕਲੀਨਿਕ) ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਮਰੀਜ਼ਾਂ ਨੂੰ ਹੁਣ ਉੱਚ ਪੱਧਰੀ ਜਿਗਰ ਇਲਾਜ ਅਤੇ ਟ੍ਰਾਂਸਪਲਾਂਟ ਸੇਵਾਵਾਂ ਲੁਧਿਆਣਾ ਵਿੱਚ ਹੀ ਉਪਲਬਧ ਹੋਣਗੀਆਂ।
ਇਹ ਓਪੀਡੀ ਹਰ ਮਹੀਨੇ ਦੇ ਤੀਜੇ ਵੀਰਵਾਰ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਇਸ ਦੀ ਅਗਵਾਈ ਡਾ. ਅਸ਼ੀਸ਼ ਜਾਰਜ (ਪ੍ਰਿੰਸੀਪਲ ਕੰਸਲਟੈਂਟ ਅਤੇ ਯੂਨਿਟ ਹੈੱਡ, ਲਿਵਰ ਟ੍ਰਾਂਸਪਲਾਂਟ – ਫੋਰਟਿਸ ਸ਼ਾਲੀਮਾਰ ਬਾਗ, ਨਵੀਂ ਦਿੱਲੀ) ਕਰਨਗੇ। ਇੱਥੇ ਜਿਗਰ ਸਿਰੋਸਿਸ, ਜਿਗਰ ਫੇਲ੍ਹ ਹੋਣਾ ਅਤੇ ਗੰਭੀਰ ਹੈਪੇਟੋਬਿਲਰੀ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਖ਼ਾਸ ਸਲਾਹ ਅਤੇ ਇਲਾਜ ਦਿੱਤਾ ਜਾਵੇਗਾ।
ਇਸ ਓਪੀਡੀ ਵਿੱਚ ਗੈਸਟ੍ਰੋਐਂਟਰੋਲੋਜੀ ਵਿਭਾਗ ਦੀ ਮਾਹਰ ਟੀਮ ਵੀ ਸ਼ਾਮਲ ਹੋਵੇਗੀ, ਜਿਸ ਵਿੱਚ ਡਾ. ਰਾਜੂ ਸਿੰਘ ਛੀਨਾ (ਐੱਚਓਡੀ ਅਤੇ ਡਾਇਰੈਕਟਰ, ਗੈਸਟ੍ਰੋਐਂਟਰੋਲੋਜੀ), ਡਾ. ਨਿਤਿਨ ਸ਼ੰਕਰ ਬਹਿਲ (ਡਾਇਰੈਕਟਰ, ਗੈਸਟ੍ਰੋਐਂਟਰੋਲੋਜੀ), ਡਾ. ਅਮਿਤ ਬਾਂਸਲ (ਸੀਨੀਅਰ ਕੰਸਲਟੈਂਟ, ਗੈਸਟ੍ਰੋਐਂਟਰੋਲੋਜੀ), ਡਾ. ਵਿਵੇਕ ਪ੍ਰਕਾਸ਼ (ਕੰਸਲਟੈਂਟ, ਗੈਸਟ੍ਰੋਐਂਟਰੋਲੋਜੀ) ਇਹ ਮਾਹਰ ਮਿਲ ਕੇ ਮਰੀਜ਼ਾਂ ਨੂੰ ਪੂਰੀ ਦੇਖਭਾਲ ਪ੍ਰਦਾਨ ਕਰਨਗੇ—ਜਿਗਰ ਦੀਆਂ ਪੁਰਾਣੀਆਂ ਬਿਮਾਰੀਆਂ ਦੇ ਨਿਦਾਨ ਤੋਂ ਲੈ ਕੇ ਟ੍ਰਾਂਸਪਲਾਂਟ ਤੋਂ ਪਹਿਲਾਂ ਅਤੇ ਬਾਅਦ ਦੇ ਇਲਾਜ ਤੱਕ।
ਫੋਰਟਿਸ ਹਸਪਤਾਲ ਲੁਧਿਆਣਾ ਦੇ ਸੁਵਿਧਾ ਨਿਰਦੇਸ਼ਕ ਸ਼੍ਰੀ ਸਨਵੀਰ ਸਿੰਘ ਭਾਂਬਰਾ ਨੇ ਕਿਹਾ, “ਇਸ ਓਪੀਡੀ ਨਾਲ ਲੋਕਾਂ ਨੂੰ ਹੁਣ ਜਿਗਰ ਦੇ ਇਲਾਜ ਲਈ ਦੂਰ ਜਾਣ ਦੀ ਲੋੜ ਨਹੀਂ ਰਹੇਗੀ। ਮਰੀਜ਼ਾਂ ਨੂੰ ਵਿਸ਼ਵ ਪੱਧਰੀ ਮਾਹਰ ਡਾਕਟਰਾਂ ਤੋਂ ਸਲਾਹ ਅਤੇ ਮਾਰਗਦਰਸ਼ਨ ਇੱਥੇ ਹੀ ਮਿਲੇਗਾ।”
ਡਾ. ਅਸ਼ੀਸ਼ ਜਾਰਜ ਨੇ ਵੀ ਕਿਹਾ, “ਭਾਰਤ ਵਿੱਚ ਜਿਗਰ ਦੀਆਂ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ, ਜਿਵੇਂ ਕਿ ਸਿਰੋਸਿਸ, ਫੈਟੀ ਲਿਵਰ ਅਤੇ ਜਿਗਰ ਫੇਲ੍ਹ। ਅਕਸਰ ਮਰੀਜ਼ ਉਸ ਸਮੇਂ ਆਉਂਦੇ ਹਨ ਜਦੋਂ ਬਿਮਾਰੀ ਕਾਫੀ ਅੱਗੇ ਵਧ ਚੁੱਕੀ ਹੁੰਦੀ ਹੈ ਅਤੇ ਟ੍ਰਾਂਸਪਲਾਂਟ ਹੀ ਇਕੱਲਾ ਵਿਕਲਪ ਰਹਿ ਜਾਂਦਾ ਹੈ। ਇਸ ਓਪੀਡੀ ਦਾ ਮਕਸਦ ਹੈ ਬਿਮਾਰੀਆਂ ਨੂੰ ਜਲਦੀ ਪਛਾਣਨਾ, ਸਮੇਂ ਸਿਰ ਇਲਾਜ ਕਰਨਾ ਅਤੇ ਮਰੀਜ਼ਾਂ ਨੂੰ ਬਿਹਤਰ ਜੀਵਨ ਦੀ ਉਮੀਦ ਦੇਣਾ।"
