Home > ਸਲਾਹਕਾਰ > ਸਿਹਤ > ਪੰਜਾਬ > ਫੋਰਟਿਸ > ਬੋਰਡ ਪ੍ਰੀਖਿਆ > ਮਾਨਸਿਕ ਸਿਹਤ > ਮੈਡੀਕਲ > ਲੁਧਿਆਣਾ > ਬੋਰਡ ਪਰੀਖਿਆ ਦਾ ਸਮਾਂ: ਬੱਚਿਆਂ ਦੀ ਮਾਨਸਿਕ ਸਿਹਤ ਦੀ ਰੱਖਿਆ ਲਈ ਮਾਪਿਆਂ ਨੂੰ ਮਨੋਚਿਕਿਤਸਕ ਦੀ ਸਲਾਹ - ਡਾ. ਜਗਜੋਤ ਸਿੰਘ

ਬੋਰਡ ਪਰੀਖਿਆ ਦਾ ਸਮਾਂ: ਬੱਚਿਆਂ ਦੀ ਮਾਨਸਿਕ ਸਿਹਤ ਦੀ ਰੱਖਿਆ ਲਈ ਮਾਪਿਆਂ ਨੂੰ ਮਨੋਚਿਕਿਤਸਕ ਦੀ ਸਲਾਹ - ਡਾ. ਜਗਜੋਤ ਸਿੰਘ

ਡਾ. ਜਗਜੋਤ ਸਿੰਘ
ਡਾ. ਜਗਜੋਤ ਸਿੰਘ

ਲੁਧਿਆਣਾ, 09 ਮਾਰਚ, 2026 (ਨਿਊਜ਼ ਟੀਮ):
ਬੋਰਡ ਪਰੀਖਿਆਵਾਂ ਨੂੰ ਅਕਸਰ ਬੱਚਿਆਂ ਦੀ ਪੜ੍ਹਾਈ ਦਾ ਇੱਕ ਵੱਡਾ ਪੜਾਅ ਮੰਨਿਆ ਜਾਂਦਾ ਹੈ। ਪਰ ਮਨੋਚਿਕਿਤਸਕ ਦੇ ਨਜ਼ਰੀਏ ਨਾਲ ਦੇਖੀਏ ਤਾਂ ਇਹ ਸਮਾਂ ਬੱਚਿਆਂ ਲਈ ਮਾਨਸਿਕ ਤੌਰ ‘ਤੇ ਕਾਫ਼ੀ ਸੰਵੇਦਨਸ਼ੀਲ ਹੁੰਦਾ ਹੈ। ਇਸ ਦੌਰਾਨ ਕਈ ਬੱਚੇ ਪੜ੍ਹਾਈ ਦੀ ਕਮੀ ਕਰਕੇ ਨਹੀਂ, ਬਲਕਿ ਤਣਾਅ, ਡਰ ਅਤੇ ਇਕੱਲੇਪਨ ਕਰਕੇ ਪਰੇਸ਼ਾਨ ਹੁੰਦੇ ਹਨ। ਇਸ ਸਮੇਂ ਉਨ੍ਹਾਂ ਲਈ ਸਭ ਤੋਂ ਵੱਡਾ ਸਹਾਰਾ ਮਾਪਿਆਂ ਦਾ ਪਿਆਰ ਅਤੇ ਸਮਝ ਹੁੰਦਾ ਹੈ।

ਮਾਪੇ ਹੇਠਾਂ ਦਿੱਤੇ ਤਰੀਕਿਆਂ ਨਾਲ ਬੱਚਿਆਂ ਦਾ ਤਣਾਅ ਘਟਾ ਸਕਦੇ ਹਨ:
1. ਨਤੀਜੇ ਨਾਲੋਂ ਵੱਧ ਮਿਹਨਤ ਦੀ ਕਦਰ ਕਰੋ
  • ਬੱਚਿਆਂ ਨੂੰ ਸਮਝਾਓ ਕਿ ਅੰਕ ਹੀ ਉਨ੍ਹਾਂ ਦੀ ਪਛਾਣ ਜਾਂ ਭਵਿੱਖ ਨਹੀਂ ਹੁੰਦੇ।
  • ਉਨ੍ਹਾਂ ਦੀ ਮਿਹਨਤ ਅਤੇ ਲਗਨ ਦੀ ਸ਼ਲਾਘਾ ਕਰੋ।
  • ਬੱਚਿਆਂ ਦੀ ਤੁਲਨਾ ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਨਾ ਕਰੋ।
  • ਜਦੋਂ ਬੱਚਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਕਦਰ ਸਿਰਫ਼ ਨੰਬਰਾਂ ਨਾਲ ਨਹੀਂ ਹੁੰਦੀ, ਤਾਂ ਉਹਨਾਂ ਦਾ ਅਸਫਲਤਾ ਦਾ ਡਰ ਘੱਟ ਹੋ ਜਾਂਦਾ ਹੈ।
2. ਪੂਰੀ ਨੀਂਦ ਅਤੇ ਰੁਟੀਨ ਦਾ ਧਿਆਨ ਰੱਖੋ
  • ਬੱਚਿਆਂ ਨੂੰ ਘੱਟੋ-ਘੱਟ 7 ਘੰਟੇ ਦੀ ਨੀਂਦ ਲੈਣ ਦਿਓ।
  • ਰਾਤ ਭਰ ਜਾਗ ਕੇ ਪੜ੍ਹਨ ਦੀ ਆਦਤ ਤੋਂ ਬਚਾਓ।
  • ਘਰ ਦਾ ਮਾਹੌਲ ਸ਼ਾਂਤ ਅਤੇ ਸਕਾਰਾਤਮਕ ਰੱਖੋ।
  • ਨੀਂਦ ਦੀ ਕਮੀ ਨਾਲ ਚਿੰਤਾ, ਚਿੜਚਿੜਾਪਣ ਅਤੇ ਧਿਆਨ ਦੀ ਕਮੀ ਵਧ ਜਾਂਦੀ ਹੈ।
3. ਤਣਾਅ ਦੇ ਸ਼ੁਰੂਆਤੀ ਸੰਕੇਤ ਪਛਾਣੋ
  • ਅਚਾਨਕ ਚੁੱਪ ਹੋ ਜਾਣਾ ਜਾਂ ਇਕੱਲੇ ਰਹਿਣਾ
  • ਵਾਰ-ਵਾਰ ਰੋਣਾ ਜਾਂ ਜਲਦੀ ਗੁੱਸਾ ਆਉਣਾ
  • ਭੁੱਖ ਜਾਂ ਨੀਂਦ ਵਿੱਚ ਬਦਲਾਅ
  • ਆਪਣੇ ਆਪ ਨੂੰ ਦੋਸ਼ ਦੇਣਾ ਜਾਂ ਨਿਰਾਸ਼ੀ ਦਿਖਾਉਣਾ
  • ਇਹ ਆਲਸ ਨਹੀਂ ਹੁੰਦਾ, ਇਹ ਮਾਨਸਿਕ ਤਣਾਅ ਦੇ ਸੰਕੇਤ ਹੋ ਸਕਦੇ ਹਨ।
4. ਪੜ੍ਹਾਈ ਦੇ ਵਿਚਕਾਰ ਬ੍ਰੇਕ ਜ਼ਰੂਰੀ ਹੈ
  • ਬੱਚਿਆਂ ਨੂੰ ਹਰ ਰੋਜ਼ ਥੋੜ੍ਹਾ ਟਹਿਲਣ ਜਾਂ ਹਲਕੀ ਕਸਰਤ ਲਈ ਪ੍ਰੇਰਿਤ ਕਰੋ।
  • ਦੋਸਤਾਂ ਨਾਲ ਥੋੜ੍ਹੀ ਗੱਲਬਾਤ ਦੀ ਆਗਿਆ ਦਿਓ।
  • ਆਰਾਮ ਨੂੰ ਪੜ੍ਹਾਈ ਤੋਂ ਭੱਜਣਾ ਨਾ ਸਮਝੋ।
  • ਛੋਟੇ ਬ੍ਰੇਕ ਦਿਮਾਗ ਨੂੰ ਤਾਜ਼ਾ ਕਰਦੇ ਹਨ ਅਤੇ ਪੜ੍ਹਾਈ ਵਿੱਚ ਮਦਦ ਕਰਦੇ ਹਨ।
5. ਘਰ ਵਿੱਚ ਸੁਰੱਖਿਅਤ ਅਤੇ ਖੁੱਲ੍ਹਾ ਮਾਹੌਲ ਬਣਾਓ
  • ਬੱਚਿਆਂ ਨਾਲ ਆਰਾਮ ਨਾਲ ਗੱਲਬਾਤ ਕਰੋ।
  • ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੋ, ਤੁਰੰਤ ਡਾਂਟ ਜਾਂ ਸਲਾਹ ਨਾ ਦਿਓ।
  • ਜਦੋਂ ਬੱਚਾ ਪਹਿਲਾਂ ਹੀ ਤਣਾਅ ਵਿੱਚ ਹੋਵੇ, ਤਾਂ ਨਤੀਜਿਆਂ ਦੀ ਗੱਲ ਨਾ ਕਰੋ।
ਡਾ. ਜਗਜੋਤ ਸਿੰਘ, ਕਨਸਲਟੈਂਟ, ਮੈਨਟਲ ਹੈਲਥ ਐਂਡ ਬਿਹੇਵਿਯਰਲ ਸਾਇੰਸਜ਼, ਫੋਰਟਿਸ ਹਸਪਤਾਲ ਲੁਧਿਆਣਾ ਕਹਿੰਦੇ ਹਨ, “ਬੋਰਡ ਪਰੀਖਿਆ ਦੇ ਸਮੇਂ ਬੱਚੇ ਸਿਰਫ਼ ਕਿਤਾਬਾਂ ਨਹੀਂ ਪੜ੍ਹ ਰਹੇ ਹੁੰਦੇ। ਉਹ ਅਸਫਲਤਾ ਦਾ ਡਰ, ਲੋਕਾਂ ਦੇ ਜੱਜਮੈਂਟ ਦਾ ਡਰ ਅਤੇ ਕਈ ਵਾਰੀ ਮਾਪਿਆਂ ਦੀਆਂ ਉਮੀਦਾਂ ‘ਤੇ ਖਰੇ ਨਾ ਉਤਰਣ ਦਾ ਡਰ ਵੀ ਸਹਿ ਰਹੇ ਹੁੰਦੇ ਹਨ। ਇਸ ਸਮੇਂ ਉਨ੍ਹਾਂ ਨੂੰ ਘਰ ਵਿੱਚ ਐਸਾ ਮਾਹੌਲ ਚਾਹੀਦਾ ਹੈ ਜਿੱਥੇ ਉਹ ਖੁੱਲ੍ਹ ਕੇ ਕਹਿ ਸਕਣ ਕਿ ‘ਮੈਨੂੰ ਡਰ ਲੱਗ ਰਿਹਾ ਹੈ।’ ਜਦ ਮਾਪੇ ਦਬਾਅ ਦੀ ਥਾਂ ਸਹਿਯੋਗ ਦਿੰਦੇ ਹਨ, ਤਾਂ ਬੱਚਿਆਂ ਵਿੱਚ ਹਿੰਮਤ ਅਤੇ ਆਤਮਵਿਸ਼ਵਾਸ ਵਧਦਾ ਹੈ।”

ਜੇ ਬੱਚਿਆਂ ਵਿੱਚ ਲਗਾਤਾਰ ਨੀਂਦ ਦੀ ਸਮੱਸਿਆ, ਉਦਾਸੀ, ਇਕੱਲੇ ਰਹਿਣਾ ਜਾਂ ਨਿਰਾਸ਼ੀ ਦਿਖਾਈ ਦੇਵੇ, ਤਾਂ ਸਮੇਂ ‘ਤੇ ਕਾਊਂਸਲਰ ਜਾਂ ਮਨੋਚਿਕਿਤਸਕ ਨਾਲ ਸਲਾਹ ਲੈਣਾ ਜ਼ਰੂਰੀ ਹੈ। ਬੋਰਡ ਪਰੀਖਿਆ ਕੁਝ ਸਮੇਂ ਲਈ ਹੁੰਦੀ ਹੈ, ਪਰ ਬੱਚਿਆਂ ਦੀ ਮਾਨਸਿਕ ਸਿਹਤ ਸਾਰੀ ਉਮਰ ਨਾਲ ਰਹਿੰਦੀ ਹੈ। ਇਸ ਸਮੇਂ ਮਾਪਿਆਂ ਦਾ ਸਹਾਰਾ, ਸਮਝ ਅਤੇ ਹੌਸਲਾ ਹੀ ਸਭ ਤੋਂ ਵੱਡੀ ਸਫਲਤਾ ਹੈ।